Friday, July 29, 2011

hvcfoundation


ਕਿਸੇ ਕੌਮ ਜਾਂ ਦੇਸ਼ ਦੀ ਮਹਾਨਤਾ ਲਈ ਤਿੰਨ ਚੀਜਾਂ ਬੜੀਆਂ ਮਹੱਤਵਪੂਰਣ ਹੁੰਦੀਆਂ ਹਨ, ਇਕ ਉਸਦਾ ਇਤਿਹਾਸ, ਦੂਜਾ ਸੱਭਿਆਚਾਰ ਅਤੇ ਤੀਜਾ ਉਸਦੀ ਮਾਤਰੀ ਬੋਲੀ ਤੇ ਸਾਹਿਤ । ਉਪਰੋਕਤ ਤਿੰਨੋਂ ਚੀਜਾਂ ਕਾਰਣ ਹੀ ਕਿਸੇ ਕੌਮ ਦੀ ਵਿਸ਼ਵ ਪੱਧਰ ਤੇ ਵੱਖਰੀ ਪਛਾਣ ਕਾਇਮ ਰਹਿੰਦੀ ਹੈ । ਪੰਜਾਬੀ ਦੇ ਸਿਰਮੌਰ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ (30 ਅਗਸਤ 1861 -23 ਨਵੰਬਰ 1938) ਆਪਣੇ ਅਦੁੱਤੀ ਯੋਗਦਾਨ ਸਦਕਾ ਪੰਜਾਬ ਦੇ ਸੱਭਿਆਚਾਰਕ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ । ਪੰਜਾਬੀ ਵਿੱਚ ਉਹ ਵਿਸ਼ਵਕੋਸ਼ੀ ਗਿਆਨਧਾਰਾ ਦੇ ਪ੍ਰਮੁੱਖ ਤੇ ਮੋਢੀ ਅਚਾਰੀਆ ਹਨ । ਮਹਾਨ ਕੋਸ਼ ਸਮੇਤ ਉਨ੍ਹਾਂ ਦੀਆਂ ਕਈ ਦਰਜਨਾਂ ਪੁਸਤਕਾਂ ਦੀ ਪ੍ਰਮਾਣਿਕਤਾ ਉਚਕੋਟੀ ਦੇ ਪੱਧਰ ਦੀ ਧਾਰਨੀ ਹੈ ਅਤੇ ਉਨ੍ਹਾਂ ਵਿੱਚ ਦਿੱਤੀ ਜਾਣਕਾਰੀ ਸੰਦੇਹ ਰਹਿਤ ਹੈ । ਹਰੀ ਵ੍ਰਿਜੇਸ਼ ਕਲਚਰਲ ਫਾਊਂਡੇਸ਼ਨ ਵੱਲੋਂ ਤਿਆਰ ਕੀਤੀ ਵੈਬਸਾਈਟ http://hvcfoundation.com/ ਜਾਂ http://kahansinghnabha.com/ ਦਾ ਮੁੱਖ ਮਕਸਦ ਹੈ ਕਿ ਉਨ੍ਹਾਂ ਵਰਗੀ ਵਿਦਵਤਾ ਅਤੇ ਵਿਚਾਰਾਂ ਦੀ ਪ੍ਰਮਾਣਿਕਤਾ ਦੀ ਗਿਆਨਧਾਰਾ ਪੰਜਾਬੀ ਦੇ ਵਿਦਵਾਨ ਜਗਤ ਵਿੱਚ ਨਿਰੰਤਰ ਵਿਕਾਸ ਕਰਦੀ ਰਹੇ, ਅਤੇ ਨਾਲ ਹੀ ਵਿਸ਼ਵ ਦੇ ਕੋਨੇ-ਕੋਨੇ ਵਿੱਚ ਬੈਠੇ ਸਮੂੰਹ ਪੰਜਾਬੀਆਂ ਨੂੰ ਖਾਸ ਕਰ ਇੰਟਰਨੈਟ ਨਾਲ ਜੁੜੀ ਨਵੀਂ ਪਨੀਰੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਜਾਵੇ ।ਇਸ ਵੈਬਸਾਈਟ ‘ਚ ਪੰਜਾਬੀ, ਉਰਦੂ, ਹਿੰਦੀ-ਅੰਗਰੇਜੀ ਆਦਿ ਭਾਸ਼ਾਵਾਂ ਤੋਂ ਇਲਾਵਾ ਆਡੀਓ- ਵੀਡੀਓ ਸਾਧਨਾਂ ਰਾਹੀਂ ਤੇ ਰੇਡੀਓ-ਟੀਵੀ ਦੇ ਪ੍ਰੋਗਰਾਮਾ ਰਾਹੀਂ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਸਮੂਚੇ ਕਾਰਜ ਬਾਰੇ ਜਾਣਕਾਰੀ ਦੇਣ ਲਈ ਇੱਕ ਛੋਟਾ ਜਿਹਾ ਉਪਰਾਲਾ ਆਰੰਭਿਆ ਹੈ, ਤਾਂ ਜੋ ਅੱਜ ਦੇ ਵਿਸ਼ਵੀਕਰਣ ਦੇ ਦੌਰ ‘ਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਦਸਿਆ ਜਾ ਸਕੇ ਕਿ ਜੇਕਰ ਜੰਗ ਦੇ ਖੇਤਰ ਵਿੱਚ ਪੰਜਾਬੀਆਂ ਦੀ ਬਹਾਦਰੀ ਪਹਿਲੇ ਨੰਬਰ ਤੇ ਆਉਂਦੀ ਹੈ, ਤਾਂ ਸਾਹਿਤੱਕ ਖੇਤਰ ‘ਚ ਵੀ ਉਹ ਕਿਸੇ ਤੋਂ ਪਿੱਛੇ ਨਹੀਂ । ਐਚਵੀਸੀਫਾਉਂਡੇਸ਼ਨ ਵੱਲੋਂ ਸਮੂੰਹ ਪੰਜਾਬੀ ਪ੍ਰੇਮੀ ਅਤੇ ਵਿਦਿਆ ਪ੍ਰੇਮੀਆਂ ਦਾ ਭਰਪੂਰ ਸੁਆਗਤ ਹੈ । ਇਸ ਵੈਬਸਾਈਟ ਨੂੰ ਬਿਹਤਰ ਬਣਾਉਣ ਲਈ ਆਪ ਸਭਨਾਂ ਦੇ ਵਡਮੁੱਲੇ ਸੁਝਾਅ ਤੇ ਰਾਵਾਂ ਦਾ ਸਾਨੂੰ ਹਮੇਸ਼ਾ ਇੰਤਜਾਰ ਰਹੇਗਾ ।

-Ravinder Kaur Ravi, (Punjabi University Patiala)
Coordinator, HVC Foundation