Friday, September 3, 2021

ਮੇਜਰ ਆਦਰਸ਼ਪਾਲ ਸਿੰਘ ਪੜਪੋਤਰੇ ਭਾਈ ਕਾਨ੍ਹ ਸਿੰਘ ਨਾਭਾ ਨਾਲ ਵਿਸ਼ੇਸ਼ ਮੁਲਾਕਾਤ


 

ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖਸੀਅਤ ਕਰਕੇ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ (1861-1938 ਈ.) ਨੂੰ  ਸਿੱਖ ਕੌਮ ਵਿਚ `ਭਾਈ ਸਾਹਿਬ` ਜਾਂ `ਪੰਥ ਰਤਨ` ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਨੂੰ ਭਾਈ ਗੁਰਦਾਸ ਤੋਂ ਬਾਅਦ ਦੇ ਗੁਰਬਾਣੀ ਦੇ ਵਿਆਖਿਆਕਾਰਾਂ ਵਿੱਚ ਪਰਮੁੱਖ ਸਥਾਨ ਹਾਸਲ ਹੈ। ਦਰਜ਼ਨਾਂ ਪੁਸਤਕਾਂ ਲਿਖਕੇ ਗੁਰਬਾਣੀ ਦੀ ਵਿਆਖਿਆ ਕਰਦਿਆਂ ਆਪ ਨੇ ਗੁਰਮਤਿ ਵਿਚਾਰਧਾਰਾ ਦੀ ਸਥਾਪਤੀ ਲਈ ਅਤੇ ਇਸਦੀ ਪਰੰਪਰਾ ਦੀ ਪਛਾਣ ਲਈ ਵਿਸ਼ੇਸ਼ ਜ਼ੋਰ ਦਿੱਤਾ, ਨਾਲ ਹੀ ਤਰਕ ਅਤੇ ਦਲੀਲ ਦੇ ਆਧਾਰ ਤੇ ਧਰਮ ਨਾਲ ਜੁੜੇ ਮਨੋਕਲਪਿਤ ਵਿਚਾਰਾਂ ਦਾ ਖੰਡਨ ਕਰਕੇ ਆਪਣੇ ਵਿਗਿਆਨਕ ਵਿਚਾਰ ਪੇਸ਼ ਕੀਤੇ। ਨਾਭੇ ਦੇ ਇਸ ਵਿਦਵਾਨ ਘਰਾਣੇ ਵਿਚੋਂ ਭਾਈ ਸਾਹੇਬ ਦੇ ਸਪੁੱਤਰ ਭਗਵੰਤ ਸਿੰਘ ਹਰੀ ਜੀ, ਨੂੰਹ  ਬੀਬੀ ਹਰਨਾਮ ਕੌਰ ਅਤੇ ਪੋਤ-ਨੂੰਹ ਡਾ. ਰਛਪਾਲ ਕੌਰ ਨੇ ਵੀ ਪੰਜਾਬੀ ਸਾਹਿਤ ਸੇਵਾ ਲਈ ਯੋਗਦਾਨ ਪਾਇਆ।ਵਰਤਮਾਨ ‘ਚ ਭਾਈ ਸਾਹੇਬ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਸਮਾਜ ਸੇਵਾ ਦੇ ਨਾਲ ਨਾਲ  ਸਾਹਿਤੱਕ ਰੁਚੀਆਂ ਦੇ ਧਾਰਨੀ ਹਨ। ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਨ (30 ਅਗਸਤ2021) ਮੌਕੇ ਭਾਈ ਸਾਹਿਬ ਦੇ ਪੜਪੋਤਰੇ ਮੇਜਰ ਏ.ਪੀ ਸਿੰਘ ਨਾਲ ਕੁਝ ਸੁਆਲ-ਜਵਾਬ :         

ਸੁਆਲ :-ਵੰਸ਼ ਪਰੰਪਰਾ ਅਨੁਸਾਰ ਰਿਸ਼ਤੇ ਵਿਚ ਮੇਜਰ ਏ ਪੀ ਸਿੰਘ ਜੀ ਆਪ ਭਾਈ ਸਾਹਿਬ (ਭਾਈ ਕਾਨ੍ਹ ਸਿੰਘ ਨਾਭਾ) ਦੇ  ਕੀ ਲੱਗਦੇ ਹੋ ?

ਜਵਾਬ :-         ਮੇਰੇ ਬਜ਼ੁਰਗ ਬਾਬਾ ਨੌਧ ਸਿੰਘ ਪਿੰਡ ਪਿੱਥੋ (ਬਠਿੰਡਾ) ਦੇ ਪਤਵੰਤੇ ਪੁਰਸ਼ ਸਨ ਜੋ ਕੁਝ ਸਮਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੁਸ਼ਾਹਬ ਰਹੇ ਸਨ। ਇਨ੍ਹਾਂ ਦੇ ਸਪੁੱਤਰ ਬਾਬਾ ਸਰੂਪ ਸਿੰਘ ਜੀ ਡੇਰਾ ਬਾਬਾ ਅਜਾਪਾਲ ਸਿੰਘ ਜੀ (ਨਾਭਾ) ਦੇ ਮੋਹਤਮਿਮ ਨੀਅਤ ਹੋਏ। ਇਸ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਬਾਬਾ ਨਾਰਾਇਣ ਸਿੰਘ ਜੀ (1841-1916 ਈ.) ਨੇ ਇਸੇ ਅਸਥਾਨ ਤੇ ਸੇਵਾ ਨਿਭਾਈ ਜੋ ਕਿ ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਸਨ। ਭਾਈ ਸਾਹਿਬ (ਭਾਈ ਕਾਨ੍ਹ ਸਿੰਘ ਨਾਭਾ) ਦੇ ਬੇਟੇ ਭਗਵੰਤ ਸਿੰਘ ਹਰੀ (1892- 1968 ਈ.) ਦੇ ਸਪੁੱਤਰ ਸੁਦਰਸ਼ਨ ਸਿੰਘ ਮੇਰੇ ਮਾਨਯੋਗ ਪਿਤਾ ਜੀ ਸਨ। ਇਸ ਤਰ੍ਹਾਂ ਵੰਸ਼ ਪਰੰਪਰਾ ਅਨੁਸਾਰ ਰਿਸ਼ਤੇ ਵਿਚ ਮੈਂ ਭਾਈ ਕਾਨ੍ਹ ਸਿੰਘ ਜੀ ਦਾ ਪੜਪੋਤਰਾ ਹਾਂ।

ਸੁਆਲ :         ਭਾਈ ਸਾਹਿਬ ਦੇ ਜੀਵਨ ਦੀਆਂ ਕੋਈ ਯਾਦਾਂ ਜੋ ਤੁਸੀਂ ਆਪਣੇ ਬਜ਼ੁਰਗਾਂ ਪਾਸੋਂ ਸੁਣੀਆਂ ਹੋਣ ?

ਜੁਆਬ: ਧਰਮ, ਸਾਹਿਤ, ਇਤਿਹਾਸ, ਸੰਗੀਤ, ਸ਼ੈਰ, ਸ਼ਿਕਾਰ, ਬਾਗਬਾਨੀ ਤੇ ਟੈਨਿਸ਼ ਖੇਡਣਾ ਆਪ ਦੇ ਵਿਸ਼ੇਸ਼ ਸ਼ੌਂਕ ਸਨ। ਉਨ੍ਹਾਂ ਨੂੰ ਵੱਖ ਵੱਖ ਭਾਸ਼ਾਵਾਂ ਸਿੱਖਣ ਦਾ ਬੇਹੱਦ ਸ਼ੌਂਕ ਸੀ, ਜਦੋਂ ਫਾਰਸੀ ਸਿੱਸ਼ਖਣ ਮੌਕੇ ਘਰੋਂ ਉਨ੍ਹਾਂ ਦਾ ਵਿਰੋਧ ਹੋਇਆ ਤਾਂ ਉਹ ਘਰ ਛੱਡ ਕੇ ਦੌੜ ਗਏ ਸਨ। ਲਖਨਊ, ਦਿੱਲੀ, ਲਾਹੌਰ ਆਦਿ ਥਾਵਾਂ ਤੇ ਜਾ ਕੇ ਉਸਤਾਦਾਂ ਪਾਸੋਂ ਫਾਰਸੀ ਸਿੱਖੀ।

ਸੁਆਲ :         ਆਪ ਜੀ ਦੇ  ਬਜ਼ੁਰਗਾਂ ਦੇ ਜੀਵਨ ਦੀ ਕੋਈ ਅਜਿਹੀ ਘਟਨਾ ਜਿਸਤੇ ਤੁਹਾਨੂੰ ਬਹੁਤ ਮਾਣ ਹੈ ?

ਜਵਾਬ : ਭਾਈ ਕਾਨ੍ਹ ਸਿੰਘ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਬੜੀ ਬਲਵਾਨ ਚੇਤਨਾ ਸ਼ਕਤੀ ਦੇ ਮਾਲਕ ਸਨ। ਆਪ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਬਾਣੀ ਜ਼ੁਬਾਨੀ ਕੰਠ ਸੀ ਅਤੇ ਹਰੇਕ ਮਹੀਨੇ ਚਾਰ ਪਾਠ ਨੇਮ ਨਾਲ ਕਰਿਆ ਕਰਦੇ ਸਨ।  ਕਈ ਬਜੁਰਗਾਂ ਤੇ ਵਿਦਵਾਨਾਂ ਪਾਸੋਂ ਇਹ ਗੱਲਾਂ ਸੁਣਨ ਨੂੰ ਮਿਲੀਆਂ ਹਨ ਕਿ, ਬਾਬਾ ਨਾਰਾਇਣ ਸਿੰਘ ਜੀ ਨੇ ਆਪਣੀ ਉਮਰ ਵਿਚ ਇਕ ਆਸਨ ਤੇ ਬੈਠ ਕੇ ਤਿੰਨ ਵਾਰ ਅਤਿ-ਅਖੰਡ ਪਾਠ ਕੀਤੇ ਸਨ ਅਤੇ ਇਕ ਅਤਿ-ਅਖੰਡ ਪਾਠ ਆਪ ਤੋਂ ਖੁਦ ਮਹਾਰਾਜਾ ਹੀਰਾ ਸਿੰਘ ਨਾਭਾਪਤੀ ਨੇ ਜਿਸ ਪ੍ਰੇਮ ਨਾਲ ਸੁਣਿਆ ਉਹ ਦੇਖਣ ਯੋਗ ਸੀ। ਜਦੋਂ ਉਸ ਪਾਠ ਦਾ ਭੋਗ ਪਿਆ ਤਾਂ ਮਹਾਰਾਜਾ ਸਾਹਿਬ ਨੇ ਕੁਝ ਜਾਗੀਰ ਭੇਟਾ ਕਰਨੀ ਚਾਹੀ ਪਰ ਬਾਬਾ ਜੀ ਨੇ ਪਾਠ ਭੇਟਾ ਲੈਣੀ ਨਾਵਾਜਬ ਸਮਝਕੇ ਇਨਕਾਰ ਕਰ ਦਿੱਤਾ। ਜਦ ਬਾਬਾ ਜੀ ਪਾਲਕੀ ਵਿਚ ਸਵਾਰ ਹੋ ਕੇ ਗੁਰਦੁਆਰੇ ਨੂੰ ਆਉਣ ਲੱਗੇ ਤਾਂ ਮਹਾਰਾਜਾ ਸਾਹਿਬ ਨੇ ਇਕ ਕਹਾਰ ਨੂੰ ਹਟਾ ਕੇ ਉਨ੍ਹਾ ਦੀ ਪਾਲਕੀ ਮੋਢਿਆਂ ਤੇ ਉਠਾ ਲਈ ਅਤੇ ਇਸ ਤਰ੍ਹਾਂ ਉਨ੍ਹਾਂ ਨਾਲ ਬੜੀ ਸ਼ਰਧਾ ਤੇ ਅਕੀਦਤ ਦਾ ਇਜ਼ਹਾਰ ਕੀਤਾ।

ਸੁਆਲ : ਆਪ ਜੀ ਨੇ  ਭਾਈ ਸਾਹਿਬ ਦੀਆਂ ਕਿਹੜੀਆਂ-ਕਿਹੜੀਆਂ ਰਚਨਾਵਾਂ ਪੜ੍ਹੀਆਂ ਹਨ ?

ਜਵਾਬ : ਭਾਈ ਸਾਹਿਬ ਦੀਆਂ ਸਮੁੱਚੀਆਂ ਰਚਨਾਵਾਂ ਦੀ ਗਿਣਤੀ ਕਈ ਦਰਜਨਾਂ ਵਿਚ ਹੈ। ਮੈਂ ਖੋਜ ਦੀ ਦ੍ਰਿਸ਼ਟੀ ਨਾਲ ਸਮੁੱਚੀਆਂ ਰਚਨਾਵਾਂ ਤਾਂ ਨਹੀਂ ਪੜ੍ਹੀਆਂ ਪਰ ਜਦ ਵੀ ਸਮਾਂ ਮਿਲਿਆ ਉਨ੍ਹਾਂ ਵਲੋਂ ਲਿਖੀਆਂ ਕਾਫੀ ਪੁਸਤਕਾਂ ਥੋੜਾ ਥੋੜਾ ਕਰਕੇ ਇਕ ਆਮ ਪਾਠਕ ਵਾਂਗ ਪੜ੍ਹੀਆਂ ਹਨ ਤੇ ਬਹੁਤ ਕੁਝ ਸਿਖਣ ਨੂੰ ਮਿਲਿਆ। ਪਰਿਵਾਰ ਵਿਚੋਂ ਭਾਈ ਸਾਹਿਬ ਦੇ ਸਪੁੱਤਰ ਭਗਵੰਤ ਸਿੰਘ ਹਰੀ ਜੀ , ਨੂੰਹ ਬੀਬੀ ਹਰਨਾਮ ਕੌਰ ਅਤੇ ਪੋਤ ਨੂੰਹ ਡਾ. ਰਛਪਾਲ ਕੌਰ ਨੇ ਖੋਜ ਦੀ ਦ੍ਰਿਸ਼ਟੀ ਤੋਂ ਭਾਈ ਸਾਹਿਬ ਦਾ ਲਿਖਿਆ ਸਮੁੱਚਾ ਸਾਹਿਤ ਪੜ੍ਹਿਆ ਤੇ ਇਨ੍ਹਾਂ ਤਿੰਨ੍ਹਾਂ ਵਲੋਂ ਖੁਦ ਵੀ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਭੰਡਾਰ ਨੂੰ ਅਮੀਰ ਬਣਾਉਣ ਲਈ ਕੁਝ ਨਾ ਕੁਝ ਯੋਗਦਾਨ ਪਾਇਆ ।

ਸੁਆਲ : ਪੰਜਾਬੀ ਸਾਹਿਤ ਜਗਤ ਭਾਈ ਸਾਹਿਬ ਨੂੰ ਇਕ ਮਹਾਨ ਕੋਸ਼ਕਾਰ, ਸ਼ਬਦ ਵਿਗਿਆਨੀ, ਸਿੱਖ ਚਿੰਤਕ ਤੇ ਖੋਜੀ ਮੰਨਦਾ ਹੈ, ਆਪ ਜੀ  ਇਨ੍ਹਾਂ ਵਿਚੋਂ ਸਭ ਤੋਂ ਵੱਧ ਅਹਿਮੀਅਤ ਕਿਸਨੂੰ ਦਿੰਦੇ ਹੋ ?

ਜੁਆਬ : ਨਿਰਸੰਦੇਹ ਬਾਬਾ ਜੀ ਗੁਰੁਮਤ ਸੁਧਾਕਰ, ਗੁਰੁਮਤ ਪ੍ਰਭਾਕਰ, ਵਰਗੀਆਂ ਹੋਰ ਕਈ  ਮੁੱਢਲੀਆਂ ਮੌਲਿਕ ਪੁਸਤਕਾਂ ਲਿਖ ਕੇ ਸਿੱਖ ਕੌਮ ਦੇ ਮਹਾਨ ਵਿਆਖਿਆਕਾਰ ਦੇ ਤੌਰ ਤੇ ਸਥਾਪਿਤ ਹੋਏ, ਪਰ ਮੈਂ ਉਨ੍ਹਾਂ ਨੂੰ ਪੰਜਾਬੀ ਦੇ ਮਹਾਨ ਕੋਸ਼ਕਾਰ ਵਜੋਂ ਅਹਿਮੀਅਤ ਦੇਂਦਾ ਹਾਂ ਕਿਉਂਕਿ ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ (ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ), ਪੰਜਾਬੀ ਕੋਸ਼ਕਾਰੀ ਦੇ ਖੇਤਰ ਵਿਚ ਇਕ ਮੀਲ ਪੱਥਰ ਹੈ।ਇਹ ਇਕ ਅਜਿਹਾ ਸਾਹਿਤਕ ਕਾਰਜ ਹੈ, ਜਿਸਦੀ ਆਸ ਕਿਸੇ ਸੰਸਥਾ ਪਾਸੋਂ ਤਾਂ ਕੀਤੀ ਜਾ ਸਕਦੀ ਹੈ ਪਰ ਕਿਸੇ ਇਕੱਲੇ ਵਿਅਕਤੀ ਪਾਸੋਂ ਨਹੀਂ। ਮਹਾਨ ਕੋਸ਼ ,ਗਿਆਨ ਦਾ ਇਕ ਅਜਿਹਾ ਭੰਡਾਰ ਹੈ ,ਜਿਸਦਾ ਮਹੱਤਵ ਪੰਜਾਬੀ ਸਹਿਤ ਦੇ ਇਤਿਹਾਸ ਵਿਚ ਹਮੇਸ਼ਾ ਲਈ ਬਣਿਆ ਰਹੇਗਾ।

ਸੁਆਲ :         ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਜ਼ਿੰਦਗੀ ਚ ਪੁਸਤਕਾਂ ਲਿਖਣ ਪੜ੍ਹਨ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਕਾਰਜ ਕੀਤੇ, ਉਨ੍ਹਾਂ ਦੀ ਕੂਟਨੀਤਕ ਸੂਝ ਬਾਰੇ ਕੁਝ ਦੱਸੋ ?

ਜੁਆਬ :          ਨਾਭਾ ਤੇ ਪਟਿਆਲਾ ਰਿਆਸਤਾਂ ਦੇ ਆਪਸੀ ਝਗੜਿਆ ਨੂੰ ਮਿਟਾਉਣ ਲਈ ਉਹ ਜੀਵਨ ਭਰ ਯਤਨਸ਼ੀਲ ਰਹੇ। ਭਾਈ ਸਾਹਿਬ ਨੇ ਰਿਆਸਤ ਨਾਭਾ ਅਤੇ ਰਿਆਸਤ ਪਟਿਆਲਾ 'ਚ ਕਈ ਉਚ ਆਹੁਦਿਆਂ ਤੇ ਸੇਵਾ ਨਿਭਾਈ ਜਿਵੇਂ ਕਿ ਮੁਸਾਹਿਬ, ਪ੍ਰਾਈਵੇਟ ਸਕੱਤਰ, ਸਿਟੀ ਮੈਜਿਸਟਰੇਟ, ਨਹਿਰ ਨਾਜ਼ਮ, ਮੀਰ ਮੁਨਸ਼ੀ, (ਫਾਰੇਨ ਮਨਿਸਟਰ), ਜੱਜ ਹਾਈ ਕੋਰਟ, ਮੈਂਬਰ ਜੁਡੀਸੀਅਲ ਕੌਂਸਲ, ਅਤੇ ਵਕੀਲ ਪੁਲੀਟੀਕਲ ਏਜੰਸੀ ਆਦਿ।         ਭਾਈ ਸਾਹਿਬ ਰਿਆਸਤ ਨਾਭਾ ਵਲੋਂ ਫੂਲਕੀਆਂ ਰਿਆਸਤਾਂ ਦੇ ਪੁਲੀਟੀਕਲ ਏਜੰਟ ਪਾਸ ਵਕੀਲ ਬਣਾ ਕੇ ਭੇਜੇ ਗਏ। ਅਜਿਹੇ ਰਾਜਨੀਤਕ ਕੰਮਾਂ 'ਚ ਭਾਈ ਸਾਹਿਬ ਨੂੰ ਬੜੀ ਮੁਹਾਰਿਤ ਹਾਸਲ ਸੀ : ਜਿਸ ਕਰਕੇ ਮਹਾਰਾਜਾ ਹੀਰਾ ਸਿੰਘ ਨੇ ਇਨ੍ਹਾਂ ਦਾ ਨਾਮ ‘ਨੀਤੀ ਜੀ' ਰੱਖਿਆ ਹੋਇਆ ਸੀ। ਉਸ ਸਮੇਂ ਦੇ ਅੰਗਰੇਜ਼ ਅਫਸਰ ਪੁਲੀਟੀਕਲ ਏਜੰਟ ਕਰਨਲ ਡਨਲਪ ਸਮਿੱਥ ਨੇ ਵਲਾਇਤੋਂ 18 ਜੁਲਾਈ ਸੰਨ 1905 ਦੌਰਾਨ ਸਰਕਾਰ ਨਾਭਾ ਨੂੰ ਪੱਤਰ ਭੇਜ ਕੇ ਭਾਈ ਕਾਨ੍ਹ ਸਿੰਘ ਦੀ ਸੂਝ-ਬੂਝ ਤੇ ਵਫਾਦਾਰੀ ਦੀ ਭਰਪੂਰ ਸਲਾਘਾਂ ਕਰਦਿਆਂ ਲਿਖਿਆ ਸੀ “ਮੇਰੀ ਨਿਗਾਹ ਚ ਸਰਦਾਰ ਕਾਨ੍ਹ ਸਿੰਘ ਜੀ ਦੀ ਬਹੁਤ ਇੱਜਤ ਹੈ।ਮੈਨੂੰ ਫੂਲਕੀਆਂ ਰਿਆਸਤਾਂ (ਨਾਭਾ,ਪਟਿਆਲਾ,ਜੀਂਦ) ਵਿਚ ਅਜਿਹਾ ਕੋਈ ਅਫਸਰ ਨਹੀਂ ਮਿਲਿਆ,ਜੋ ਆਪਣੇ ਮਹਾਰਾਜਾ ਅਤੇ ਰਿਆਸਤ ਦੇ ਕੰਮ ਨੂੰ ਇਤਨੀ ਇਮਾਨਦਾਰੀ ਨਾਲ ਕਰਦਾ ਹੋਵੇ।“

ਸੁਆਲ :         ਆਪ ਜੀ ਪਾਸ  ਭਾਈ ਸਾਹਿਬ ਦੀਆਂ ਰਚਨਾਵਾਂ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਨਿੱਜੀ ਵਸਤਾਂ ਸਾਂਭੀਆਂ ਹੋਈਆਂ ਹਨ ?

ਜੁਆਬ :          ਸਾਡੇ ਪਾਸ ਵ੍ਰਿਜੇਸ਼ ਭਵਨ ਨਾਭਾ ਉਨ੍ਹਾਂ ਦੀਆਂ ਨਿੱਜੀ ਵਸਤਾਂ ਤਲਵਾਰ, ਬੰਦੂਕ, ਘੜੀਆਂ, ਟਕੂਆ, ਮੋਹਰਾਂ, ਹੱਥ ਸੋਟੀ (ਖੁੰਡੀ), ਮਾਣ ਪੱਤਰ ਆਦਿ ਸੰਭਾਲੇ ਪਏ ਹਨ, ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਸ਼ਾਨਦਾਰ ਸਿਤਾਰ ਵੀ ਮੌਜੂਦ ਸੀ, ਉਨ੍ਹਾਂ ਨੂੰ ਸ਼ਾਸਤਰੀ ਸੰਗੀਤ ਗਾਇਣ/ਵਾਦਨ ਦਾ ਬੇਹੱਦ ਸ਼ੌਂਕ ਸੀ। ਉਹ ਹਰ ਚੀਜ਼ ਉੱਚ ਕੁਆਲਟੀ ਦੀ ਖਰੀਦਦੇ ਸਨ। ਪਹਿਨਣ ਦੇ ਕਪੜੇ ਬੜੇ ਸਾਫ, ਸਵੱਛ ਤੇ ਉਚ ਕੁਆਲਟੀ ਦੇ ਰਖਦੇ ਪਰ ਹਮੇਸ਼ਾ ਸਾਦਾ ਰਹਿਣਾ ਪਸੰਦ ਕਰਦੇ ਸਨ। ਆਪ ਦਾ ਕੁਦਰਤੀ ਪਹਿਰਾਵਾ ਅਤੇ ਸਭਿਆਚਾਰਕ ਸੁਭਾਉ ਖਾਸ ਤੌਰ ਤੇ ਸੁਹੱਪਣਤਾ ਤੇ ਵਿਲੱਖਣਤਾ ਦਾ ਨਮੂਨਾ ਸੀ। ਮਿਸਟਰ ਮੈਕਸ ਆਰਥਰ ਮੈਕਾਲਿਫ ਵਰਗੇ ਅੰਗਰੇਜ਼ ਸੱਜਣ ਨੂੰ ਸਿੱਖ ਧਰਮ ਤੇ ਇਤਿਹਾਸ ਤੋਂ ਜਾਣੂ ਕਰਾਕੇ ‘ਸਿਖ ਰਿਲੀਜਨ' ਜਿਹਾ ਪੁਸਤਕ ਲਿਖਾਉਣਾ ਆਪ ਜੀ ਦੀ ਸੁਯੋਗਤਾ ਸੀ। ਵਲੈਤ ਲੰਮਾ ਸਮਾਂ ਰਹਿ ਕੇ ਇਸ ਪੁਸਤਕ ਦੇ ਅੰਤਮ ਪਰੂਫ ਪੜ੍ਹਨ ਦੀ ਸੇਵਾ ਵੀ ਆਪ ਨੇ ਨਿਭਾਈ। ਇਸ ਲਗਨ ਤੇ ਪਿਆਰ ਦੇ ਵਸ ਹੋ ਕੇ ਮਿਸਟਰ ਮੈਕਾਲਿਫ ਨੇ ਆਪਣੀ ਪੁਸਤਕ ਦੇ ਸਾਰੇ ਅਧਿਕਾਰ ਭਾਈ ਕਾਨ੍ਹ ਸਿੰਘ ਦੇ ਨਾਮ ਹੀ ਲਿਖ ਦਿੱਤੇ, ਇਹ ਲਿਖਤ ਅਜੇ ਤੱਕ ਸਾਡੇ  ਪਰਿਵਾਰ ਪਾਸ (ਵ੍ਰਿਜੇਸ਼ ਭਵਨ ਨਾਭਾ) ਮੌਜੂਦ ਹੈ। ਮਿਸਟਰ ਮੈਕਾਲਿਫ ਨੇ ਲੰਡਨ (ਯੂ.ਕੇ.) ਚ ਆਪਣਾ ਮਕਾਨ ਦੇਣ ਦੀ ਵੀ ਪੇਸ਼ਕਸ਼ ਕੀਤੀ ਸੀ, ਪਰ ਭਾਈ ਸਾਹਿਬ ਨੇ ਮਨ੍ਹਾ ਕਰ ਦਿੱਤਾ।

ਸੁਆਲ :         ਕੀ ਆਪ ਮਹਿਸੂਸ ਕਰਦੇ ਹੋ ਕਿ ਭਾਈ ਸਾਹਿਬ ਨੂੰ ਪੰਜਾਬੀ ਸਾਹਿਤ ਜਗਤ ਚ ਉਹ ਸਥਾਨ, ਸਤਿਕਾਰ ਨਹੀਂ ਮਿਲਿਆ ਜਿਸਦੇ ਕਿ ਉਹ ਹੱਕਦਾਰ ਸਨ।

ਜੁਆਬ :          ਪੰਜਾਬ, ਸਿੱਖ ਧਰਮ, ਪੰਜਾਬੀ ਭਾਸ਼ਾ ਤੇ ਪੰਜਾਬੀ, ਅਦਬ ਨੂੰ ਭਾਈ ਸਾਹਿਬ (ਕਾਨ੍ਹ ਸਿੰਘ ਨਾਭਾ) ਦਾ ਕਿਨਾ ਕੁ ਯੋਗਦਾਨ ਹੈ , ਇਸ ਗੱਲ ਦਾ ਅਹਿਸਾਸ ‘ਮਹਾਨ ਕੋਸ਼', ਨਾਲ ਵਾਹ ਪੈਣ ਵਾਲੇ ਹਰੇਕ ਵਿਅਕਤੀ ਨੂੰ ਸਹਿਜੇ ਹੀ ਹੋ ਜਾਂਦਾ ਹੈ, ਅਜਿਹੇ ਯੁੱਗ ਪੁਰਸ਼ ਦਾ ਸਨਮਾਨ ਕਰਨਾ ਸਾਡੇ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ। ਉਨ੍ਹਾਂ ਵਲੋਂ ਆਰੰਭੇ ਕਾਰਜਾਂ ਨੂੰ ਅੱਗੇ ਵਧਾਉਣ ਲਈ ਹਾਲੀ ਹੋਰ ਬਹੁਤ ਉਦਮ ਦੀ ਜ਼ਰੂਰਤ ਹੈ ਤਾਂ ਜੋ ਸਾਡੀ ਨਵੀਂ ਪਨੀਰੀ ਆਪਣੀ ਵਿਰਾਸਤ,ਧਰਮ ਤੇ ਸੱਭਿਆਚਾਰ ਨਾਲ ਜੁੜੀ ਰਹੇ।

ਸੁਆਲ :         ਸਿੱਖ ਦਰਸ਼ਨ/ਫਿਲਾਸਫੀ ਨੂੰ ਭਾਈ ਸਾਹਿਬ ਦੀ ਦੇਣ ਬਾਰੇ ਕੁਝ ਦੱਸੋ ?

ਜੁਆਬ :          ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਭਾਈ ਸਾਹਿਬ ਸਿੱਖ ਧਰਮ ਨੂੰ ਮੁੜ ਪਹਿਲੀਆਂ ਪ੍ਰਾਪਤੀਆਂ ਤੱਕ ਲਿਆਉਣ ਦੇ ਯਤਨ ਵਿਚ ਜੀਵਨ ਭਰ ਸਰਗਰਮ ਰਹੇ। ਸੰਪਰਦਾਇਕ ਵੈਰ ਵਿਰੋਧ ਵਾਲੇ ਪ੍ਰਸੰਗ ਵਿਚ ਭਾਈ ਸਾਹਿਬ ਸਿੱਖ ਪਰੰਪਰਾ ਦੀ ਰਾਖੀ ਲਈ ਅੱਗੇ ਆਏ ਅਤੇ ਆਪਣੇ ਸੁਨਹਿਰੀ ਵਿਰਸੇ ਦਾ ਪ੍ਰਚਾਰ ਕੀਤਾ। ਭਾਈ ਸਾਹਿਬ ਵਲੋਂ ਪਹਿਲੀ ਵਾਰ ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਸਾਹਿਤ ਨੂੰ ਗੁਰਮਤ ਦੇ ਸਿਧਾਂਤਾਂ ਅਨੁਸਾਰ ਪਰਖ ਕੇ ਉਸ ਵਿਚ ਪਏ ਰਲਾਅ ਨੂੰ ਕੱਢਣ ਦਾ ਯਤਨ ਆਰੰਭਿਆ। ਗੁਰਮਤਿ ਦੇ ਬੇਅੰਤ ਛੋਟੇ-ਵੱਡੇ ਮਸਲਿਆਂ ਬਾਰੇ ਵਡਮੁੱਲੀ ਬਹਿਸ ਆਰੰਭੀ।

ਸੁਆਲ :         ਕੀ ਆਪ ਜੀ, ਭਾਈ ਕਾਨ੍ਹ ਸਿੰਘ ਨਾਭਾ ਨੂੰ ਆਪਣਾ ਰੋਲ ਮਾਡਲ ਮੰਨਦੇ ਹੋ ?

ਜਵਾਬ : ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸਾਡਾ ਸਮੂਹ ਪ੍ਰੀਵਾਰ ਭਾਈ ਸਾਹਿਬ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ, ਕਿਉਂਕਿ ਉਨ੍ਹਾਂ ਵਲੋਂ ਰਚਿਆ ਸਮੁੱਚਾ ਸਾਹਿਤ ਜੀਵਨ ਦੇ ਪ੍ਰਯੋਜਨ ਅਤੇ ਮਨੋਰਥ ਨੂੰ ਸਪੱਸ਼ਟ ਕਰਦਾ ਹੈ।ਮੇਰੀ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਪੰਜਾਬ ਵਿਚ ਸ਼ਬਦ ਚਿੰਤਨ ਦਾ ਇਹ ਸਿਲਸਿਲਾ ਨਿਰੰਤਰ ਬਣਿਆ ਰਹੇ।

                           ਮੁਲਾਕਾਤੀ


                        ਡਾ ਜਗਮੇਲ ਸਿੰਘ ਭਾਠੂਆਂ

                        ਇੰਚਾਰਜ,ਹਰੀ ਵ੍ਰਿਜੇਸ਼ ਕਲਚਰਲ ਫਾਊਂਡੇਸ਼ਨ

                ਏ-68-ਏ, ਸੈਕੰਡ ਫਲੋਰ,ਫਤਹਿ ਨਗਰ,ਨਵੀਂ  ਦਿੱਲੀ

                           ਸੰਪਰਕ- 09871312541

 

No comments:

Post a Comment